ਮਾਂ ਬੋਲੀ ਵਿੱਚ ਇੰਜੀਨੀਅਰਿੰਗ ਕੋਰਸ– ਸਹੀ ਦਿਸ਼ਾ ਵੱਲ ਇੱਕ ਕਦਮ
ਮੈਂ ਦੇਸ਼ ਦੇ 8 ਰਾਜਾਂ ’ਚ ਸਥਿਤ ਉਨ੍ਹਾਂ 14 ਇੰਜੀਨੀਅਰਿੰਗ ਕਾਲਜਾਂ ਦਾ ਅਭਿਨੰਦਨ ਕਰਦਾ ਹਾਂ, ਜਿਨ੍ਹਾਂ ਨੇ ਨਵੇਂ ਅਕਾਦਮਿਕ ਸੈਸ਼ਨ ਤੋਂ ਕੁਝ ਚੋਣਵੇਂ ਕੋਰਸਾਂ ਨੂੰ ਖੇਤਰੀ ਭਾਸ਼ਾਵਾਂ ’ਚ ਵੀ ਉਪਲਬਧ ਕਰਵਾਉਣ ਦਾ ਫ਼ੈਸਲਾ ਲਿਆ ਹੈ। ਮੈਨੂੰ ਇਹ ਵੀ ਤਸੱਲੀ ਹੈ ਕਿ ਨਵੀਂ ਸਿੱਖਿਆ ਨੀਤੀ ਅਨੁਸਾਰ ਹੀ, AICTE ਨੇ ਵੀ ਹਿੰਦੀ, ਤੇਲੁਗੂ, ਮਰਾਠੀ, ਗੁਜਰਾਤੀ, ਉੜੀਆ, ਬੰਗਾਲੀ, ਅਸਾਮੀ, ਤਮਿਲ, ਕੰਨੜ, ਮਲਿਆਲਮ, ਪੰਜਾਬੀ – ਇਨ੍ਹਾਂ ਸਥਾਨਕ ਮਾਂ ਬੋਲੀਆਂ ’ਚ ਬੀ.ਟੈੱਕ. ਕੋਰਸਾਂ ਨੂੰ ਮਾਨਤਾ ਦੇ ਦਿੱਤੀ ਹੈ। ਮੈਨੂੰ ਯਕੀਨ ਹੈ ਕਿ ਇਹ ਸਹੀ ਦਿਸ਼ਾ ’ਚ ਚੁੱਕਿਆ ਗਿਆ ਸਹੀ ਕਦਮ ਹੈ।
ਤਕਨੀਕੀ ਤੇ ਵਪਾਰਕ ਸਿੱਖਿਆ ਮੁਹੱਈਆ ਕਰਨ ਵਾਲੇ ਹੋਰ ਵਿੱਦਿਅਕ ਸੰਸਥਾਨ ਵੀ ਅੱਗੇ ਆਉਣ ਤੇ ਸਥਾਨਕ ਭਾਸ਼ਾਵਾਂ ’ਚ ਕੋਰਸ ਉਪਲਬਧ ਕਰਵਾਉਣ। ਅਜਿਹੀ ਪਹਿਲ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋਵੇਗੀ।
ਅਸੀਂ ਸਭ ਜਾਣਦੇ ਹਾਂ ਕਿ ਭਾਸ਼ਾਵਾਂ ਸਾਡੇ ਜੀਵਨ ਦਾ ਅਟੁੱਟ ਅੰਗ ਹੁੰਦੀਆਂ ਹਨ। ਸਾਡੀ ਮਾਂ ਬੋਲੀ, ਸਾਡੀਆਂ ਸਥਾਨਕ ਭਾਸ਼ਾਵਾਂ, ਸਾਡੇ ਲਈ ਖ਼ਾਸ ਸਥਾਨ ਰੱਖਦੀਆਂ ਹਨ, ਉਨ੍ਹਾਂ ਨਾਲ ਸਾਡਾ ਜਨਮ ਤੋਂ ਹੀ ਉਮਰ ਭਰ ਦਾ ਸਬੰਧ ਹੁੰਦਾ ਹੈ। ਅਤੇ ਭਾਰਤ ਤਾਂ ਆਪਣੀ ਖ਼ੁਸ਼ਹਾਲ ਭਾਸ਼ਾਈ ਤੇ ਸੱਭਿਆਚਾਰਕ ਵਿਰਾਸਤ ਲਈ ਵਿਸ਼ਵ ਭਰ ’ਚ ਪ੍ਰਸਿੱਧ ਹੈ। ਇਹ ਸੈਂਕੜੇ ਭਾਸ਼ਾਵਾਂ ਤੇ ਹਜ਼ਾਰਾਂ ਬੋਲੀਆਂ ਦੀ ਭੂਮੀ ਹੈ। ਸਾਡੀ ਭਾਸ਼ਾਈ ਵਿਵਿਧਤਾ ਸਾਡੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੀ ਨੀਂਹ ਹੈ।
ਹਾਲੀਆ ਭਾਸ਼ਾਈ ਜਨਗਣਨਾ ਦੇ ਅਨੁਸਾਰ ਦੇਸ਼ ’ਚ 19,500 ਭਾਸ਼ਾਵਾਂ ਜਾਂ ਬੋਲੀਆਂ ਹਨ। ਇਨ੍ਹਾਂ ਵਿੱਚੋਂ 121 ਭਾਸ਼ਾਵਾਂ ਤਾਂ ਅਜਿਹੀਆਂ ਹਨ, ਜੋ ਦੇਸ਼ ਦੇ 10,000 ਤੋਂ ਵੱਧ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਹੈਰਾਨੀ ਨਹੀਂ ਕਿ ਆਪਣੀ ਇਸ ਜੀਵੰਤ ਵਿਰਾਸਤ ’ਚ ਹੀ, ਸਾਡਾ ਮਾਣਮੱਤਾ ਪ੍ਰਾਚੀਨ ਸੱਭਿਆਚਾਰ ਤੇ ਇਤਿਹਾਸ, ਪ੍ਰਗਟਾਵਾ ਹਾਸਲ ਕਰਦੇ ਹਾਂ।
ਮਹਾਤਮਾ ਗਾਂਧੀ ਨੇ ਚੇਤਾਇਆ ਸੀ, ‘ਜੇ ਅੰਗ੍ਰੇਜ਼ੀ ਪੜ੍ਹੇ ਅੰਗ੍ਰੇਜ਼ੀਦਾਂ ਲੋਕ ਆਪਣੀ ਮਾਂ ਬੋਲੀ ਨੂੰ ਇੰਝ ਹੀ ਅੱਖੋਂ ਪ੍ਰੋਖੇ ਕਰਦੇ ਰਹੇ, ਜਿਵੇਂ ਕਿ ਉਹ ਕਰਦੇ ਰਹੇ ਹਨ ਤੇ ਕੁਝ ਹਾਲੇ ਵੀ ਕਰ ਰਹੇ ਹਨ, ਤਾਂ ਭਾਸ਼ਾਈ ਗ਼ਰੀਬੀ ਸਾਨੂੰ ਜਕੜੇਗੀ ਹੀ।’
ਸੰਯੁਕਤ ਰਾਸ਼ਟਰ ਅਨੁਸਾਰ ਹਰ ਦੋ ਹਫ਼ਤਿਆਂ ’ਚ ਇੱਕ ਭਾਸ਼ਾ ਲੁਪਤ ਹੋ ਰਹੀ ਹੈ ਤੇ ਉਸ ਨਾਲ ਉਸ ਦੀ ਸਾਰੀ ਬੌਧਿਕ ਤੇ ਸੱਭਿਆਚਾਰਕ ਪਰੰਪਰਾ ਵੀ ਗੁਆਚਦੀ ਜਾ ਰਹੀ ਹੈ। ਵਿਸ਼ਵ ਭਰ ਦੀਆਂ ਲਗਭਗ 6,000 ਭਾਸ਼ਾਵਾਂ ਵਿੱਚੋਂ ਘੱਟੋ–ਘੱਟ 43% ਅਜਿਹੀਆਂ ਹਨ, ਜੋ ਲੁਪਤ ਹੋਣ ਦੇ ਕੰਢੇ ਹਨ। ਭਾਰਤ, ਜੋ ਆਪਣੀ ਭਾਸ਼ਾਈ ਵਿਵਿਧਤਾ ਉੱਤੇ ਮਾਣ ਮਹਿਸੂਸ ਕਰਦਾ ਰਿਹਾ ਹੈ, ਉੱਥੇ ਵੀ 196 ਭਾਸ਼ਾਵਾਂ ਖ਼ਤਰੇ ’ਚ ਹਨ। ਇਹ ਗਿਣਤੀ ਸਾਡੇ ਲਈ ਚੇਤਾਵਨੀ ਹੈ। ਇਸ ਲਈ ਸਾਡੇ ਵਾਸਤੇ ਇਹ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਭਾਸ਼ਾਵਾਂ ਨੂੰ ਸੰਭਾਲ਼ ਕੇ ਰੱਖਣ ਲਈ ਸਾਂਝੀ ਕੋਸ਼ਿਸ਼ ਕਰੀਏ। ਸਥਾਨਕ ਭਾਸ਼ਾਵਾਂ ਨੂੰ ਸੰਭਾਲਣ ਲਈ ਕਈ ਪੜਾਵਾਂ ’ਚ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ – ਲੋਕਾਂ ਨੂੰ ਮਾਂ ਬੋਲੀ ਸਿੱਖਣ, ਉਸ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਉਤਸ਼ਾਹਿਤ ਕਰਨਾ ਹੋਵੇਗਾ।
ਮੈਨੂੰ ਖ਼ੁਸ਼ੀ ਹੈ ਕਿ ਆਪਣੀਆਂ ਭਾਸ਼ਾਵਾਂ ਦੀ ਸੰਭਾਲ਼ ਤੇ ਵਾਧੇ ਲਈ ਅਸੀਂ ਕਈ ਕਾਰਗਰ ਕਦਮ ਚੁੱਕੇ ਹਨ। ਨਵੀਂ ਸਿੱਖਿਆ ਨੀਤੀ ਅਨੁਸਾਰ, ਜਿੱਥੋਂ ਤੱਕ ਸੰਭਵ ਹੋਵੇ, ਘੱਟੋ–ਘੱਟ ਜਮਾਤ 5 ਤੱਕ ਤੇ ਬਿਹਤਰ ਹੋਵੇ ਕਿ ਜਮਾਤ 8 ਤੱਕ ਤੇ ਉਸ ਦੇ ਅੱਗੇ ਵੀ, ਸਿੱਖਿਆ ਨੂੰ ਮਾਤ ਭਾਸ਼ਾ / ਸਥਾਨਕ ਭਾਸ਼ਾ / ਖੇਤਰੀ ਭਾਸ਼ਾ/ ਘਰੇਲੂ ਭਾਸ਼ਾ ’ਚ ਹੀ ਦੇਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਵਿਸ਼ਵ ਭਰ ਦੇ ਕਿੰਨੇ ਹੀ ਅਧਿਐਨਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪ੍ਰਾਇਮਰੀ ਪੱਧਰ ਉੱਤੇ ਮਾਂ ਬੋਲੀ ’ਚ ਸਿੱਖਿਆ ਦੇਣ ਨਾਲ, ਬੱਚੇ ਦਾ ਆਤਮ–ਵਿਸ਼ਵਾਸ ਵਧਦਾ ਹੈ, ਉਸ ਦੀ ਸਿਰਜਣਾਤਮਕਤਾ ’ਚ ਵਾਧਾ ਹੁੰਦਾ ਹੈ। ਇਸ ਲਈ ਖੇਤਰੀ ਭਾਸ਼ਾ ’ਚ ਸਿੱਖਿਆ ਦੇਣ ਨਾਲ ਬੱਚਿਆਂ ਨੂੰ ਕਈ ਤਰ੍ਹਾਂ ਦੇ ਲਾਭ ਹੋਣਗੇ, ਜੋ ਉਨ੍ਹਾਂ ਦੇ ਭਵਿੱਖ ਨੂੰ ਉੱਜਵਲ ਬਣਾਉਣਗੇ।
ਭਾਸ਼ਾਵਾਂ ਦੀ ਸੰਭਾਲ਼ ਦੀ ਦਿਸ਼ਾ ’ਚ ਸਿੱਖਿਆ ਮੰਤਰਾਲੇ ਦੁਆਰਾ ਇੱਕ ਹੋਰ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ – Scheme for Protection and Preservation of Endangered Languages (SPPEL)। ਇਸ ਯੋਜਨਾ ਅਧੀਨ ਅਜਿਹੀਆਂ ਭਾਸ਼ਾਵਾਂ ਦਾ ਜੋ ਖ਼ਤਰੇ ’ਚ ਹਨ ਜਾਂ ਨੇੜ ਭਵਿੱਖ ’ਚ ਲੁਪਤ ਹੋ ਸਕਦੀਆਂ ਹਨ, ਉਨ੍ਹਾਂ ਦਾ ਦਸਤਾਵੇਜ਼ੀਕਰਣ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਸੰਭਾਲ਼ਿਆ ਜਾਵੇਗਾ। ਪਰ ਸਿਰਫ਼ ਸਰਕਾਰੀ ਨੀਤੀਆਂ ਤੇ ਪ੍ਰੋਗਰਾਮ ਹੀ ਲੋੜੀਂਦੀ ਤਬਦੀਲੀ ਨੂੰ ਯਕੀਨੀ ਨਹੀਂ ਬਣਾ ਸਕਦੇ। ਸਾਡੀਆਂ ਖ਼ੁਸ਼ਹਾਲ ਤੇ ਸੁੰਦਰ ਭਾਸ਼ਾਵਾਂ ਦੀ ਸੰਭਾਲ਼ ਲਈ ਲੋਕਾਂ ਦੀ ਜਨ–ਭਾਗੀਦਾਰੀ ਵੀ ਜ਼ਰੂਰੀ ਹੈ। ਇਹ ਭਾਸ਼ਾਵਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਨਾਲ ਸਾਡਾ ਸੰਪਰਕ–ਸੂਤਰ ਹਨ, ਜਿਸ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਹਰ ਭਾਸ਼ਾ ਆਪਣੇ–ਆਪ ’ਚ ਕਿਸੇ ਸਮਾਜ ਦੇ ਜੀਵਨ ਦੀਆਂ ਕਦਰਾਂ–ਕੀਮਤਾਂ, ਸਮਾਜਿਕ ਰੀਤ – ਨੀਤੀ, ਪ੍ਰਥਾ – ਪਰੰਪਰਾ, ਰੀਤੀ–ਰਿਵਾਜ, ਕਿੱਸਿਆਂ – ਦੰਦ–ਕਥਾਵਾਂ, ਮੁਹਾਵਰਿਆਂ – ਕਹਾਵਤਾਂ, ਆਚਾਰ –ਵਿਚਾਰ – ਵਿਵਹਾਰ ਆਦਿ ਦਾ ਭੰਡਾਰ ਹੁੰਦੀਆਂ ਹਨ।
ਮੈਂ ਅਕਸਰ ਪਾਇਆ ਹੈ ਕਿ ਲੋਕ ਆਪਣੀ ਮਾਂ ਬੋਲੀ ’ਚ ਬੋਲਣ ਤੇ ਗੱਲ ਕਰਨ ’ਚ ਝਿਜਕਦੇ ਹਨ। ਇਹ ਮੇਰਾ ਵਿਸ਼ਵਾਸ ਹੈ ਕਿ ਸਾਨੂੰ ਆਪਣੀ ਮਾਂ ਬੋਲੀ ’ਚ ਬੋਲਣ ਵਿੱਚ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਸਿਰਫ਼ ਘਰ ’ਚ ਹੀ ਨਹੀਂ, ਬਲਕਿ ਹਰ ਸੰਭਵ ਹੱਦ ਤੱਕ ਕਿਤੇ ਵੀ ਆਪਣੀ ਮਾਂ ਬੋਲੀ ’ਚ ਹੀ ਬੋਲਣਾ ਚਾਹੀਦਾ ਹੈ। ਕੋਈ ਵੀ ਭਾਸ਼ਾ ਤਦ ਹੀ ਖ਼ੁਸ਼ਹਾਲ ਹੁੰਦੀ ਹੈ, ਜਦੋਂ ਉਸ ਦੀ ਵਿਆਪਕ ਵਰਤੋਂ ਹੁੰਦੀ ਹੈ।
ਜੇ ਮੈਂ ਮਾਂ ਬੋਲੀ ਸਿੱਖਣ ’ਤੇ ਜ਼ੋਰ ਦੇ ਰਿਹਾ ਹਾਂ, ਤਾਂ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਮੈਂ ਹੋਰ ਭਾਸ਼ਾਵਾਂ ਸਿੱਖਣ ਦੇ ਵਿਰੁੱਧ ਹਾਂ। ਬਲਕਿ, ਮੇਰਾ ਤਾਂ ਆਮ ਇਹੋ ਕਹਿਣਾ ਹੁੰਦਾ ਹੈ ਕਿ ਵਿਅਕਤੀ ਨੂੰ ਜਿੰਨੀਆਂ ਵੀ ਹੋ ਸਕਣ, ਓਨੀਆਂ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਜ਼ਰੂਰੀ ਸਿਰਫ਼ ਇਹ ਹੈ ਕਿ ਇੱਕ ਮਜ਼ਬੂਤ ਨੀਂਹ ਮਾਂ ਬੋਲੀ ’ਚ ਹੀ ਪੈ ਸਕਦੀ ਹੈ।
ਅੱਜ ਦੇ ਸੰਚਾਰ ਤੇ ਸੰਪਰਕ ਦੇ ਯੁਗ ’ਚ, ਵਿਭਿੰਨ ਭਾਸ਼ਾਵਾਂ ਵਿੱਚ ਮੁਹਾਰਤ, ਤੁਹਾਨੂੰ ਅੱਗੇ ਰੱਖ ਸਕਦੀ ਹੈ। ਹਰੇਕ ਨਵੀਂ ਭਾਸ਼ਾ ਸਿੱਖਣ ਨਾਲ ਅਸੀਂ ਇੱਕ ਨਵੇਂ ਸੱਭਿਆਚਾਰ ਨਾਲ ਆਪਣੇ ਸਬੰਧਾਂ ਨੂੰ ਵੀ ਪੀਡਾ ਕਰ ਸਕਦੇ ਹਾਂ। ਇਸ ਲਈ ਵਿੱਦਿਅਕ ਸੰਸਥਾਨਾਂ ਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਇੱਕ ਰਾਸ਼ਟਰੀ ਤੇ ਇੱਕ ਅੰਤਰਰਾਸ਼ਟਰੀ ਭਾਸ਼ਾ ਸਿੱਖਣ ਲਈ ਉਤਸ਼ਾਹਿਤ ਕਰਨ।
ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਮਾਂ ਬੋਲੀ ’ਚ ਪੜ੍ਹਨ–ਪੜ੍ਹਾਉਣ ਨਾਲ ਵਿਅਕਤੀ ਦੀ ਸਮਝ–ਬੂਝ, ਵਿਸ਼ਲੇਸ਼ਣ ਕਰਨ ਦੀ ਸਮਰੱਥਾ ਵਧਦੀ ਹੈ। ਕਿਸੇ ਵਿਸ਼ੇ ਨੂੰ ਦੂਜੀ ਭਾਸ਼ਾ ’ਚ ਸਿੱਖਣ ਤੋਂ ਪਹਿਲਾਂ ਵਿਅਕਤੀ ਨੂੰ ਉਸ ਭਾਸ਼ਾ ’ਚ ਨਿਪੁੰਨਤਾ ਹਾਸਲ ਕਰਨੀ ਜ਼ਰੂਰੀ ਹੁੰਦੀ ਹੈ, ਜੋ ਆਪਣੇ–ਆਪ ’ਚ ਸਮਾਂ ਲੈਣ ਵਾਲੀ ਤੇ ਮਿਹਨਤ ਉੱਤੇ ਅਧਾਰਿਤ ਕੋਸ਼ਿਸ਼ ਹੁੰਦੀ ਹੈ। ਮਾਂ ਬੋਲੀ ’ਚ ਸਿੱਖਣ ’ਤੇ ਅਜਿਹਾ ਨਹੀਂ ਹੁੰਦਾ। ਉਹ ਵਿਸ਼ੇ ਨੂੰ ਅਸਾਨ, ਸਰਲ ਤੇ ਸਹਿਜ ਸੁਭਾਵਕ ਸਮਝਣਯੋਗ ਬਣਾ ਦਿੰਦੀ ਹੈ। ਮੈਂ ਤਾਂ ਇੱਕ ਅਜਿਹਾ ਦਿਨ ਵੀ ਦੇਖਣਾ ਚਾਹੁੰਦਾ ਹਾਂ, ਜਦੋਂ ਸਾਰੇ ਵਪਾਰਕ ਤੇ ਤਕਨੀਕੀ ਕੋਰਸ ਜਿਵੇਂ ਇੰਜੀਨੀਅਰਿੰਗ, ਮੈਡੀਕਲ ਵਿਗਿਆਨ ਤੇ ਕਾਨੂੰਨ ਦੀ ਪੜ੍ਹਾਈ ਵੀ ਮਾਂ ਬੋਲੀ ’ਚ ਹੋਵੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਇਸ ਦਿਸ਼ਾ ’ਚ ਚੁੱਕੇ ਗਏ ਕਦਮ ਅਭਿਨੰਦਨਯੋਗ ਹਨ।
ਸਾਡੀ ਉਚੇਰੀ ਸਿੱਖਿਆ ’ਚ ਮਾਂ ਬੋਲੀ ਦੀ ਵਰਤੋਂ, ਸਾਡੀਆਂ ਭਾਸ਼ਾਵਾਂ ਦੀ ਸੰਭਾਲ਼ ਤੇ ਵਾਧੇ ਦੀ ਦਿਸ਼ਾ ’ਚ ਮਹੱਤਵਪੂਰਨ ਕਦਮ ਹੈ। ਆਓ, ਅਸੀਂ ਆਪਣੀਆਂ ਭਾਸ਼ਾਵਾਂ ਨੂੰ ਮਜ਼ਬੂਤ ਕਰੀਏ ਅਤੇ ਸਮ੍ਰਿੱਧ ਬਣਾਈਏ।
ਜੈ ਹਿੰਦ!